ਮਨਪ੍ਰੀਤ ਸਿੰਘ ਬਾਦਲ ਕੋਲੋਂ ਵਿਜੀਲੈਂਸ ਨੇ 4 ਘੰਟੇ ਕੀਤੀ ਪੁੱਛਗਿੱਛ
ਮਨਪ੍ਰੀਤ ਸਿੰਘ ਬਾਦਲ ਕੋਲੋਂ ਵਿਜੀਲੈਂਸ ਨੇ 4 ਘੰਟੇ ਕੀਤੀ ਪੁੱਛਗਿੱਛ
ਪਲਾਟ ਅਲਾਟਮੈਂਟ ਘੁਟਾਲਾ ਮਾਮਲੇ ’ਚ ਘਿਰੇ ਹੋਏ ਹਨ ਸਾਬਕਾ ਵਿੱਤ ਮੰਤਰੀ
ਬਠਿੰਡਾ/ਬਿਊਰੋ ਨਿਊਜ਼
ਬਠਿੰਡਾ ਵਿਚ ਪਲਾਟ ਅਲਾਟਮੈਂਟ ਘੁਟਾਲਾ ਮਾਮਲੇ ਵਿਚ ਘਿਰੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਬਠਿੰਡਾ ਵਿਖੇ ਵਿਜੀਲੈਂਸ ਦਫਤਰ ਪਹੁੰਚੇ। ਇਸੇ ਦੌਰਾਨ ਵਿਜੀਲੈਂਸ ਅਧਿਕਾਰੀਆਂ ਨੇ ਮਨਪ੍ਰੀਤ ਬਾਦਲ ਕੋਲੋਂ ਕਰੀਬ 4 ਘੰਟੇ ਪੁੱਛਗਿੱਛ ਕੀਤੀ ਹੈ। ਧਿਆਨ ਰਹੇ ਕਿ ਵਿਜੀਲੈਂਸ ਦੇ ਅਧਿਕਾਰੀਆਂ ਨੇ ਨੋਟਿਸ ਜਾਰੀ ਕਰਕੇ ਮਨਪ੍ਰੀਤ ਬਾਦਲ ਨੂੰ ਪੁੱਛਗਿੱਛ ਲਈ ਬਠਿੰਡਾ ਦਫਤਰ ਪਹੁੰਚਣ ਲਈ ਕਿਹਾ ਸੀ। ਇਸ ਪੁੱਛਗਿੱਛ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਵਿਜੀਲੈਂਸ ਅਧਿਕਾਰੀ ਉਨ੍ਹਾਂ ਨੂੰ ਸੌ ਵਾਰ ਬੁਲਾਉਣਗੇ ਤਾਂ ਉਹ ਜ਼ਰੂਰ ਪਹੁੰਚਣਗੇ ਅਤੇ ਜਾਂਚ ਵਿਚ ਹਮੇਸ਼ਾ ਸਹਿਯੋਗ ਵੀ ਕਰਨਗੇ। ਜਾਣਕਾਰੀ ਮਿਲੀ ਹੈ ਕਿ ਹਾਈਕੋਰਟ ਕੋਲੋਂ ਅੰਤਰਿਮ ਜ਼ਮਾਨਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਮਾਮਲੇ ਦੀ ਸੁਣਵਾਈ ਅਤੇ ਜਾਂਚ ਦੇ ਲਈ ਮਨਪ੍ਰੀਤ ਬਾਦਲ ਨੂੰ 20 ਨਵੰਬਰ ਅਤੇ ਉਸ ਸਮੇਂ ਦੇ ਪੁੱਡਾ ਪ੍ਰਸ਼ਾਸਕ ਬੀ.ਐਸ. ਸ਼ੇਰਗਿੱਲ ਨੂੰ 22 ਨਵੰਬਰ ਨੂੰ ਫਿਰ ਤੋਂ ਪੇਸ਼ ਹੋਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਨੇ ਮਨਪ੍ਰੀਤ ਬਾਦਲ ਨੂੰ ਪਹਿਲੀ ਵਾਰ 23 ਅਕਤੂਬਰ ਨੂੰ ਤਲਬ ਕੀਤਾ ਸੀ, ਪਰ ਉਹ ਪੇਸ਼ ਨਹੀਂ ਹੋਏ ਸਨ। ਜਿਸ ਤੋਂ ਬਾਅਦ ਮਨਪ੍ਰੀਤ ਬਾਦਲ 30 ਅਕਤੂਬਰ ਨੂੰ ਵਿਜੀਲੈਂਸ ਅਧਿਕਾਰੀਆਂ ਅੱਗੇ ਪੇਸ਼ ਹੋਏ ਸਨ।