ਇਹਨਾਂ ਸਰਦੀਆਂ ਵਿੱਚ ਦੋਹਰੀ ਰੱਖਿਆ: ਫਲੂ ਦੇ ਟੀਕੇ ਅਤੇ COVID-19 ਵੈਕਸੀਨ ਨਾਲ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਰੋ

ਸਰਦੀਆਂ ਦੇ ਨਾਲ ਜ਼ੁਕਾਮ, ਫਲੂ ਅਤੇ COVID-19 ਵਰਗੇ ਵਾਇਰਸਾਂ ਦਾ ਖ਼ਤਰਾ ਵਧ ਜਾਂਦਾ ਹੈ। ਜੇ ਤੁਸੀਂ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹੋ, ਤੁਹਾਡੀ ਰੋਗ-ਪ੍ਰਤਿਰੱਖਿਆ ਪ੍ਰਣਾਲੀ ਕਮਜ਼ੋਰ ਹੈ, ਜਾਂ ਤੁਹਾਨੂੰ ਦਿਲ ਦੀ ਬਿਮਾਰੀ ਜਾਂ ਡਾਇਬੀਟੀਜ਼ ਵਰਗੀਆਂ ਪੁਰਾਣੀਆਂ ਸਮੱਸਿਆਵਾਂ ਹਨ, ਤਾਂ ਤੁਹਾਨੂੰ ਗੰਭੀਰ ਬਿਮਾਰੀ ਹੋਣ ਦਾ ਵਧੇਰੇ ਖ਼ਤਰਾ ਹੈ। ਕੈਨੇਡੀਅਨ ਸਿਹਤ ਮਾਹਰ ਵੱਧ ਤੋਂ ਵੱਧ ਸੁਰੱਖਿਆ ਲਈ, ਖਾਸ ਕਰਕੇ ਇਹਨਾਂ ਉੱਚ-ਜੋਖਮ ਵਾਲੇ ਸਮੂਹਾਂ ਲਈ, ਫਲੂ ਦੇ ਟੀਕੇ ਅਤੇ ਅੱਪਡੇਟ ਕੀਤੀ COVID-19 ਵੈਕਸੀਨ ਦੋਵਾਂ ਦੀ ਜ਼ੋਰ ਦੇ ਕੇ ਸਿਫ਼ਾਰਸ਼ ਕਰਦੇ ਹਨ।1,2

ਦੱਖਣੀ ਏਸ਼ੀਆਈ ਭਾਈਚਾਰਿਆਂ ਵਿੱਚ, ਜਿੱਥੇ ਵੱਡੇ ਘਰਾਂ ਵਿੱਚ ਅਕਸਰ ਬਜ਼ੁਰਗ ਦਾਦਾ-ਦਾਦੀ ਅਤੇ ਛੋਟੇ ਬੱਚੇ ਸ਼ਾਮਲ ਹੁੰਦੇ ਹਨ, ਟੀਕਾਕਰਨ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ। ਤੁਹਾਡੇ ਪਰਿਵਾਰ ਦੇ ਸਭ ਤੋਂ ਕਮਜ਼ੋਰ ਮੈਂਬਰਾਂ ਦੀ ਰੱਖਿਆ ਕਰਨਾ ਪਰਿਵਾਰ ਦੇ ਅੰਦਰ ਗੰਭੀਰ ਬਿਮਾਰੀ ਦੇ ਫੈਲਾਅ ਨੂੰ ਘਟਾਉਣ ਲਈ ਜ਼ਰੂਰੀ ਹੈ।3

ਦੋਵੇਂ ਵੈਕਸੀਨਾਂ ਮਹੱਤਵਪੂਰਨ ਕਿਉਂ ਹਨ

ਤੁਹਾਨੂੰ ਅਤੇ ਤੁਹਾਡੇ ਆਸ-ਪਾਸ ਦੇ ਲੋਕਾਂ ਨੂੰ ਫਲੂ ਅਤੇ COVID-19 ਕਾਰਨ ਹੋਣ ਵਾਲੀ ਗੰਭੀਰ ਬੀਮਾਰੀ ਤੋਂ ਬਚਾਉਣ ਲਈ ਵੈਕਸੀਨਾਂ ਸਭ ਤੋਂ ਸ਼ਕਤੀਸ਼ਾਲੀ ਸਾਧਨ ਹਨ। ਦੋਵੇਂ ਵੈਕਸੀਨਾਂ ਵਾਇਰਸ ਦੇ ਲਗਾਤਾਰ ਵਿਕਸਿਤ ਹੋ ਰਹੇ ਰੂਪ ਨਾਲ ਤਾਲਮੇਲ ਬਣਾਏ ਰੱਖਣ ਲਈ ਨਿਯਮਿਤ ਤੌਰ ‘ਤੇ ਅੱਪਡੇਟ ਕੀਤੀਆਂ ਜਾਂਦੀਆਂ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਨਵੇਂ ਰੂਪਾਂ ਦੇ ਵਿਰੁੱਧ ਪ੍ਰਭਾਵੀ ਰਹਿਣ।1,2

ਹਾਲਾਂਕਿ ਫਲੂ ਅਤੇ COVID-19 ਦੋਵੇਂ ਛੂਤ ਵਾਲੀਆਂ ਸਾਹ-ਪ੍ਰਣਾਲੀ ਦੀਆਂ ਬਿਮਾਰੀਆਂ ਹਨ, ਇਹਨਾਂ ਦੀ ਗੰਭੀਰਤਾ, ਪ੍ਰਸਾਰ, ਅਤੇ ਪੇਚੀਦਗੀਆਂ ਦੇ ਜੋਖਮ ਵੱਖ-ਵੱਖ ਹਨ। ਇੱਕ ਮੁੱਖ ਅੰਤਰ ਇਹ ਹੈ ਕਿ ਗੰਭੀਰ ਬਿਮਾਰੀ COVID-19 ਨਾਲ ਵਧੇਰੇ ਆਮ ਹੈ।4 2023 ਦੇ ਇੱਕ ਸਰਵੇਖਣ ਵਿੱਚ ਪਤਾ ਲੱਗਾ ਕਿ 80% ਕਮਜ਼ੋਰ ਰੋਗ-ਪ੍ਰਤਿਰੱਖਿਆ ਵਾਲੇ ਉੱਤਰਦਾਤਾ COVID-19 ਬਾਰੇ ਕੁਝ ਜਾਂ ਬਹੁਤ ਜ਼ਿਆਦਾ ਚਿੰਤਤ ਸਨ, ਅਤੇ 40% ਨੇ ਬਿਮਾਰੀ ਬਾਰੇ ਬੇਚੈਨ ਮਹਿਸੂਸ ਕੀਤਾ ਸੀ।5

ਬਜ਼ੁਰਗ ਬਾਲਗਾਂ ਨੂੰ ਵੀ COVID-19 ਤੋਂ ਗੰਭੀਰ ਲੱਛਣਾਂ ਅਤੇ ਪੇਚੀਦਗੀਆਂ ਦਾ ਵਧੇਰੇ ਜੋਖਮ ਹੁੰਦਾ ਹੈ। ਟੀਕਾਕਰਨ ‘ਤੇ ਰਾਸ਼ਟਰੀ ਸਲਾਹਕਾਰ ਕਮੇਟੀ (NACI) ਦੇ ਨਵੀਨਤਮ ਮਾਰਗਦਰਸ਼ਨ ਵਿੱਚ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਾਲਗਾਂ, ਲੰਬੇ ਸਮੇਂ ਲਈ ਦੇਖਭਾਲ ਘਰਾਂ ਦੇ ਨਿਵਾਸੀਆਂ ਅਤੇ ਗੁੱਝੀਆਂ ਡਾਕਟਰੀ ਸਮੱਸਿਆਵਾਂ ਵਾਲੇ ਲੋਕਾਂ ਲਈ COVID-19 ਟੀਕਾਕਰਨ ਦੀ ਜ਼ੋਰ ਦੇ ਕੇ ਸਿਫ਼ਾਰਸ਼ ਕੀਤੀ ਗਈ ਹੈ।6

ਟੀਕਾਕਰਨ ਦੀ ਮਹੱਤਤਾ ਦੇ ਬਾਵਜੂਦ, ਅੰਕੜੇ ਦਿਖਾਉਂਦੇ ਹਨ ਕਿ ਫਲੂ ਵੈਕਸੀਨ ਦੇ ਮੁਕਾਬਲੇ ਘੱਟ ਲੋਕ COVID-19 ਵੈਕਸੀਨ ਲਗਵਾਉਂਦੇ ਹਨ।7 ਪਰ ਦੋਵੇਂ ਵੈਕਸੀਨਾਂ ਲੈਣਾ ਬਹੁਤ ਜ਼ਰੂਰੀ ਹੈ। ਇੱਕੋ ਸਮੇਂ ਦੋਵੇਂ ਟੀਕੇ ਲਗਵਾਉਣਾ ਸੁਰੱਖਿਅਤ ਅਤੇ ਸੁਵਿਧਾਜਨਕ ਹੈ, ਜਿਸ ਨਾਲ ਤੁਹਾਡੀਆਂ ਗੰਭੀਰ ਲਾਗ ਲੱਗਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਸਕਦੀਆਂ ਹਨ।6

ਭਾਵੇਂ ਤੁਸੀਂ ਪਹਿਲਾਂ ਹੀ ਆਪਣੀ ਸ਼ੁਰੂਆਤੀ COVID-19 ਵੈਕਸੀਨ ਲੈ ਲਈ ਹੈ, ਸਮੇਂ ਦੇ ਨਾਲ ਸੁਰੱਖਿਆ ਘਟਦੀ ਜਾਂਦੀ ਹੈ। ਅੱਪਡੇਟ ਕੀਤੇ ਟੀਕੇ ਤੁਹਾਡੀ ਰੋਗ-ਪ੍ਰਤਿਰੱਖਿਆ ਨੂੰ ਮਜ਼ਬੂਤ ਬਣਾਏ ​​ਰੱਖਣ ਲਈ ਤਿਆਰ ਕੀਤੇ ਗਏ ਹਨ, ਖਾਸ ਕਰਕੇ ਨਵੇਂ ਰੂਪਾਂ ਦੇ ਵਿਰੁੱਧ। ਇਹ ਵਿਸ਼ੇਸ਼ ਤੌਰ ‘ਤੇ ਬਹੁ-ਪੀੜ੍ਹੀ ਪਰਿਵਾਰਾਂ ਲਈ ਜਾਂ ਅਜਿਹੀਆਂ ਭੂਮਿਕਾਵਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਮਹੱਤਵਪੂਰਨ ਹੈ ਜਿਨ੍ਹਾਂ ਨੂੰ ਜਨਤਾ ਨਾਲ ਸਿੱਧੇ ਸੰਪਰਕ ਦੀ ਲੋੜ ਹੁੰਦੀ ਹੈ ਜਾਂ ਜਿਨ੍ਹਾਂ ਵਿੱਚ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨਾ ਸ਼ਾਮਲ ਹੁੰਦਾ ਹੈ। ਅੱਪਡੇਟ ਕੀਤੀਆਂ COVID-19 ਵੈਕਸੀਨਾਂ ਦੀਆਂ ਖੁਰਾਕਾਂ ਦੇ ਹੁਣ ਤੱਕ ਕੀਤੇ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਵਾਧੂ ਟੀਕੇ ਲਗਾਏ ਜਾਂਦੇ ਹਨ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਦਾ ਜੋਖਮ ਘੱਟ ਹੁੰਦਾ ਹੈ।6

 

ਇਸ ਫਲੂ ਅਤੇ COVID-19 ਦੀ ਰੁੱਤ ਲਈ ਛੇ ਸੁਝਾਅ

  1. ਦੋਵੇਂ ਟੀਕੇ ਉਸੇ ਦਿਨ ਲਗਵਾਓ। ਤੁਹਾਡੀ ਟੀਕਾਕਰਨ ਯੋਜਨਾ ਨੂੰ ਸੁਚਾਰੂ ਬਣਾਉਣ ਵਿੱਚ ਤੁਹਾਡੀ ਮਦਦ ਕਰਦੇ ਹੋਏ, ਇੱਕੋ ਸਮੇਂ ਫਲੂ ਦਾ ਟੀਕਾ ਅਤੇ COVID-19 ਬੂਸਟਰ ਲਗਵਾਉਣਾ ਸੁਰੱਖਿਅਤ ਹੈ।6

  2. ਆਪਣੇ ਪਰਿਵਾਰ ਨੂੰ ਤੁਹਾਡੇ ਨਾਲ ਸ਼ਾਮਲ ਹੋਣ ਲਈ ਉਤਸ਼ਾਹਿਤ ਕਰੋ। ਬਹੁਤ ਸਾਰੇ ਟੀਕਾਕਰਨ ਕਲੀਨਿਕ ਪਰਿਵਾਰਕ ਸਮੂਹਾਂ ਦਾ ਸੁਆਗਤ ਕਰਦੇ ਹਨ, ਜਿਸ ਨਾਲ ਇਹ ਯਕੀਨੀ ਬਣਾਉਣਾ ਆਸਾਨ ਹੋ ਜਾਂਦਾ ਹੈ ਕਿ ਹਰ ਕਿਸੇ ਨੂੰ ਸੁਰੱਖਿਆ ਮਿਲੇ।

  3. ਸੂਚਿਤ ਰਹੋ। ਹੋਰ ਬੂਸਟਰ ਟੀਕਿਆਂ ਲਈ ਕਿਸੇ ਵੀ ਸੰਭਾਵੀ ਭਵਿੱਖ ਦੀਆਂ ਸਿਫ਼ਾਰਸ਼ਾਂ ਸਮੇਤ, ਵੈਕਸੀਨਾਂ ਬਾਰੇ ਨਵੀਨਤਮ ਮਾਰਗਦਰਸ਼ਨ ਲਈ ਹੈਲਥ ਕੈਨੇਡਾ ਵਰਗੀਆਂ ਸਥਾਨਕ ਸਿਹਤ ਅਥਾਰਟੀਆਂ ਨੂੰ ਫਾਲੋ ਕਰੋ।

  4. ਹੱਥ ਧੋਣਾ ਸਭ ਤੋਂ ਮਹੱਤਵਪੂਰਨ ਹੈ। ਲਾਗਾਂ ਨੂੰ ਰੋਕਣ ਲਈ ਨਿਯਮਿਤ ਤੌਰ ‘ਤੇ ਆਪਣੇ ਹੱਥ ਧੋਵੋ, ਅਤੇ ਜਨਤਕ ਆਵਾਜਾਈ ਜਾਂ ਡਾਕਟਰ ਦੇ ਦਫ਼ਤਰਾਂ ਵਰਗੇ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਮਾਸਕ ਪਹਿਨਣ ਬਾਰੇ ਵਿਚਾਰ ਕਰੋ।8

  5. ਸਰਗਰਮ ਰਹੋ ਅਤੇ ਸੰਤੁਲਿਤ ਖੁਰਾਕ ਖਾਓ। ਕਸਰਤ, ਫਲ਼, ਸਬਜ਼ੀਆਂ, ਪ੍ਰੋਟੀਨ, ਅਤੇ ਕਾਫੀ ਤਰਲ ਲੈਂਦੇ ਰਹਿਣਾ ਤੁਹਾਡੇ ਈਮਿਊਨ ਸਿਸਟਮ (ਰੋਗ-ਪ੍ਰਤਿਰੱਖਿਆ ਪ੍ਰਣਾਲੀ) ਨੂੰ ਤੇਜ਼ ਕਰਦਾ ਹੈ।

  6. ਮਾਨਸਿਕ ਸਿਹਤ ਨੂੰ ਤਰਜੀਹ ਦਿਓ। ਮੁਕਾਬਲਤਨ ਛੋਟੇ, ਹਨੇਰੇ ਵਾਲੇ ਦਿਨ ਤੰਦਰੁਸਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ, ਇਸ ਲਈ ਮਨੋਰੰਜਕ ਗਤੀਵਿਧੀਆਂ ਵਿੱਚ ਰੁੱਝੇ ਰਹੋ, ਸਚੇਤਤਾ ਸੁਚੇਤਤਾ ਦੀ ਪਾਲਣਾ ਕਰੋ, ਜਾਂ ਤਣਾਅ ਦਾ ਪ੍ਰਬੰਧਨ ਕਰਨ ਲਈ ਆਪਣੇ ਅਜ਼ੀਜ਼ਾਂ ਨਾਲ ਜੁੜੋ।9

 

ਜਿਵੇਂ-ਜਿਵੇਂ ਅਸੀਂ ਪਤਝੜ ਦੇ ਮੌਸਮ ਵਿੱਚੋਂ ਲੰਘਦੇ ਹਾਂ, ਸਿਹਤ ਅਤੇ ਤੰਦਰੁਸਤੀ ਲਈ ਇੱਕ ਸੰਪੂਰਨ ਪਹੁੰਚ ਨੂੰ ਅਪਣਾਉਣਾ ਮਹੱਤਵਪੂਰਨ ਹੈ। ਹੁਣੇ ਆਪਣਾ ਅੱਪਡੇਟ ਕੀਤਾ ਫਲੂ ਦਾ ਟੀਕਾ ਅਤੇ COVID-19 ਵੈਕਸੀਨ ਲਗਵਾਉਣ ਲਈ ਕਿਸੇ ਸਿਹਤ ਸੰਭਾਲ ਪੇਸ਼ੇਵਰ ਨਾਲ ਗੱਲ ਕਰੋ ਜਾਂ ਆਪਣੀ ਸਥਾਨਕ ਫਾਰਮੇਸੀ ‘ਤੇ ਜਾਓ।

ਹਵਾਲੇ

1 ਕੈਨੇਡਾ ਸਰਕਾਰ। 2024 ਦੀ ਪਤਝੜ ਦੌਰਾਨ COVID-19 ਵੈਕਸੀਨਾਂ ਦੀ ਵਰਤੋਂ ਬਾਰੇ ਮਾਰਗਦਰਸ਼ਨ। ਇੱਥੇ ਉਪਲਬਧ: https://www.canada.ca/en/public-health/services/publications/vaccines-immunization/national-advisory-committee-immunization-guidance-covid-19-vaccines-fall-2024.html 27 ਸਤੰਬਰ, 2024 ਨੂੰ ਦੇਖੀ ਗਈ

2 ਕੈਨੇਡਾ ਸਰਕਾਰ। ਇਨਫਲੂਏਂਜ਼ਾ ਵੈਕਸੀਨਾਂ: ਕੈਨੇਡੀਅਨ ਇਮਊਨਾਈਜ਼ੇਸ਼ਨ ਗਾਈਡ। ਇੱਥੇ ਉਪਲਬਧ: https://www.canada.ca/en/public-health/services/publications/healthy-living/canadian-immunization-guide-part-4-active-vaccines/page-10-influenza-vaccine.html 30 ਜੁਲਾਈ, 2024 ਨੂੰ ਦੇਖੀ ਗਈ

3 ਕੈਨੇਡਾ ਸਰਕਾਰ। ਸਾਹ ਸੰਬੰਧੀ ਛੂਤ ਦੀਆਂ ਬਿਮਾਰੀਆਂ: ਨਿੱਜੀ ਸੁਰੱਖਿਆ ਉਪਾਵਾਂ ਨਾਲ ਪ੍ਰਸਾਰ ਨੂੰ ਘੱਟ ਕਰਨ ਦਾ ਤਰੀਕਾ। ਇੱਥੇ ਉਪਲਬਧ: https://www.canada.ca/en/public-health/services/diseases/respiratory-infectious-diseases-reduce-spread-personal-protective-measures.html 8 ਅਕਤੂਬਰ, 2024 ਨੂੰ ਦੇਖੀ ਗਈ

4 ਮਾਇਓ ਕਲੀਨਿਕ। COVID-19 ਬਨਾਮ ਫਲੂ: ਸਮਾਨਤਾਵਾਂ ਅਤੇ ਅੰਤਰ। ਇੱਥੇ ਉਪਲਬਧ: https://www.mayoclinic.org/diseases-conditions/coronavirus/in-depth/coronavirus-vs-flu/art-20490339 27 ਸਤੰਬਰ, 2024 ਨੂੰ ਦੇਖੀ ਗਈ

5 ਕੈਨੇਡੀਅਨ ਈਮਿਊਨੋਕੰਪ੍ਰੋਮਾਈਜ਼ਡ ਐਡਵੋਕੇਸੀ ਨੈੱਟਵਰਕ। ਘਟੀ ਹੋਈ ਰੋਗ ਪ੍ਰਤਿਰੱਖਿਆ ਵਾਲੇ ਕੈਨੇਡੀਅਨਾਂ ਦੀ COVID-19 ਤੋਂ ਸੁਰੱਖਿਆ ਅਤੇ ਇਸ ਤੋਂ ਪਰ੍ਹੇ। ਇੱਥੇ ਉਪਲਬਧ: https://immunocompromised.ca/wp-content/uploads/2023/11/2023_11_16-CIAN-Position-Paper-1.pdf 2 ਅਕਤੂਬਰ, 2024 ਨੂੰ ਦੇਖੀ ਗਈ

6 ਕੈਨੇਡਾ ਸਰਕਾਰ। COVID-19 ਵੈਕਸੀਨਾਂ: ਕੈਨੇਡੀਅਨ ਇਮਊਨਾਈਜ਼ੇਸ਼ਨ ਗਾਈਡ। ਇੱਥੇ ਉਪਲਬਧ: https://www.canada.ca/en/public-health/services/publications/healthy-living/canadian-immunization-guide-part-4-active-vaccines/page-26-covid-19-vaccine.html 2 ਅਕਤੂਬਰ, 2024 ਨੂੰ ਦੇਖੀ ਗਈ

7 ਕੈਨੇਡਾ ਸਰਕਾਰ। 2023 – 2024 ਮੌਸਮੀ ਇਨਫਲੂਐਂਜ਼ਾ (ਫਲੂ) ਟੀਕਾਕਰਨ ਕਵਰੇਜ ਸਰਵੇਖਣ ਦੀਆਂ ਮੁੱਖ ਗੱਲਾਂ। ਇੱਥੇ ਉਪਲਬਧ: https://www.canada.ca/en/public-health/services/immunization-vaccines/vaccination-coverage/seasonal-influenza-survey-results-2023-2024.html 8 ਅਕਤੂਬਰ, 2024 ਨੂੰ ਦੇਖੀ ਗਈ

8 ਕੈਨੇਡੀਅਨ ਸੈਂਟਰ ਫਾਰ ਆਕਿਊਪੇਸ਼ਨਲ ਹੈਲਥ ਐਂਡ ਸੇਫਟੀ।  ਹੱਥ ਧੋਣੇ: ਆਮ ਲਾਗਾਂ ਦੇ ਜੋਖਮ ਨੂੰ ਘਟਾਉਣਾ। ਇੱਥੇ ਉਪਲਬਧ: https://www.ccohs.ca/oshanswers/diseases/washing_hands.html. 27 ਸਤੰਬਰ, 2024 ਨੂੰ ਦੇਖੀ ਗਈ।

9 ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਐਡਮੰਟਨ। ਸਰਦੀਆਂ ਵਿੱਚ ਮਾਨਸਿਕ ਸਿਹਤ: ਚੰਗੇ ਅਭਿਆਸਾਂ ਲਈ ਗਾਈਡ। ਇੱਥੇ ਉਪਲਬਧ: https://edmonton.cmha.ca/wp-content/uploads/2020/11/CMHA-Edmonton-Winter-Mental-Health-Guide.pdf 23 ਜੁਲਾਈ, 2024 ਨੂੰ ਦੇਖੀ ਗਈ